ਨਾਨਾ-ਨਾਨੀ ਦਾ ਸ਼ਰਮਨਾਕ ਕਾਰਾ! 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ

ਪੰਜਾਬ 'ਚ ਜਲੰਧਰ ਦਿਹਾਤੀ ਦੇ ਭੋਗਪੁਰ ਥਾਣਾ ਖੇਤਰ 'ਚ ਦਿਲ ਦਹਿਲਾ ਦੇਣ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਡੱਲਾ ਪਿੰਡ 'ਚ ਨਾਨਾ-ਨਾਨੀ ਨੇ ਛੇ ਮਹੀਨੇ ਦੀ ਮਾਸੂਮ ਬੱਚੀ ਅਲੀਜਾ ਦੀ ਹੱਤਿਆ ਕਰ ਦਿੱਤੀ। ਕਾਰਨ ਇਹ ਸੀ ਕਿ ਕੁੜੀ ਆਪਣੀ ਮਾਂ ਤੋਂ ਬਿਨਾਂ ਲਗਾਤਾਰ ਰੋਂਦੀ ਰਹਿੰਦੀ ਸੀ ਅਤੇ ਨਾਨਾ-ਨਾਨੀ ਲਈ ਉਸ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਸ ਬੇਰਹਿਮ ਘਟਨਾ ਨੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ।

ਐਸ.ਪੀ ਡੀ ਸਰਬਜੀਤ ਰਾਏ ਨੇ ਕਿਹਾ ਕਿ ਮ੍ਰਿਤਕ ਬੱਚੀ ਦੀ ਮਾਂ ਮਨਿੰਦਰ ਕੌਰ ਤਿੰਨ ਵਾਰ ਵਿਆਹ ਕਰਵਾ ਚੁੱਕੀ ਹੈ ਪਰ ਉਹ ਕਿਸੇ ਵੀ ਰਿਸ਼ਤੇ 'ਚ ਪੱਕੇ ਤੌਰ 'ਤੇ ਨਹੀਂ ਰਹਿ ਸਕਦੀ ਸੀ। ਉਸ ਦਾ ਇੱਕ ਹੋਰ ਪ੍ਰੇਮੀ ਵੀ ਹੈ, ਜਿਸ ਨਾਲ ਉਹ ਘਰ ਛੱਡ ਕੇ ਭੱਜ ਗਈ ਸੀ। ਰੱਖੜੀ ਵਾਲੇ ਦਿਨ, ਮਨਿੰਦਰ ਕੌਰ ਆਪਣੇ ਨਾਨਕੇ ਪਿੰਡ ਡੱਲਾ ਵਾਪਸ ਆ ਗਈ ਪਰ ਇਸ ਦੌਰਾਨ ਉਹ ਆਪਣੀ ਛੇ ਮਹੀਨੇ ਦੀ ਧੀ ਅਲੀਜਾ ਨੂੰ ਆਪਣਿਆਂ ਮਾਪਿਆਂ ਯਾਨੀ ਕਿ ਬੱਚੀ ਦੇ ਨਾਨਾ-ਨਾਨੀ ਕੋਲ ਛੱਡ ਕੇ ਆਪਣੇ ਪ੍ਰੇਮੀ ਕੋਲ ਵਾਪਸ ਚਲੀ ਗਈ।ਜਦੋਂ ਬੱਚੀ ਨੂੰ ਆਪਣੀ ਮਾਂ ਘਰ ਨਹੀਂ ਮਿਲਦੀ ਸੀ ਤਾਂ ਉਹ ਦਿਨ-ਰਾਤ ਰੋਂਦੀ ਰਹਿੰਦੀ ਸੀ। ਉਸ ਦੇ ਨਾਨਾ-ਨਾਨੀ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਬੱਚੀ ਆਪਣੀ ਮਾਂ ਨੂੰ ਲੱਭਦੀ ਰਹਿੰਦੀ ਸੀ। ਹੌਲੀ-ਹੌਲੀ ਉਨ੍ਹਾਂ ਦਾ ਸਬਰ ਟੁੱਟਣ ਲੱਗਾ ਅਤੇ ਇਸ ਦੌਰਾਨ ਉਨ੍ਹਾਂ ਨੇ ਅਜਿਹਾ ਭਿਆਨਕ ਕਦਮ ਚੁੱਕਿਆ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

ਦੋਸ਼ ਹੈ ਕਿ ਨਾਨਾ ਤਰਸੇਮ ਸਿੰਘ ਅਤੇ ਨਾਨੀ ਦਿਲਜੀਤ ਕੌਰ ਨੇ ਬੱਚੀ ਅਲੀਜਾ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਉਸ ਦੀ ਲਾਸ਼ ਟਾਂਡਾ ਨੇੜੇ ਹਾਈਵੇਅ ਦੇ ਇਕ ਪੁਲੀ ਹੇਠਾਂ ਸੁੱਟ ਦਿੱਤੀ। ਜਦੋਂ ਬੱਚੀ ਅਚਾਨਕ ਲਾਪਤਾ ਹੋ ਗਈ ਤਾਂ ਪਿਤਾ ਸੁਲਿੰਦਰ ਕੁਮਾਰ ਨੇ 13 ਅਗਸਤ ਨੂੰ ਪਤਨੀ ਮਨਿੰਦਰ ਕੌਰ ਅਤੇ ਸੱਸ ਦਿਲਜੀਤ ਕੌਰ ਵਿਰੁੱਧ ਭੋਗਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਅਤੇ ਉਸ ਦੇ ਮਾਪਿਆਂ ਨੇ ਬੱਚੀ ਨੂੰ ਕਿਤੇ ਲੁਕਾ ਦਿੱਤਾ ਹੈ। ਮੌਕੇ 'ਤੇ ਜਾਂਚ ਲਈ ਪਹੁੰਚੀ ਟੀਮ ਨੇ ਬੱਚੀ ਦੀ ਲਾਸ਼ ਬਰਾਮਦ ਕੀਤੀ।

ਪੁਲਸ ਪੁੱਛਗਿੱਛ 'ਚ ਸੱਚ ਆਇਆ ਸਾਹਮਣੇ

ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ ਮਨਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਪਰ ਉਸ ਨੇ ਬੱਚੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਉਸ ਦੀ ਮਾਂ ਦਿਲਜੀਤ ਕੌਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਉਸ ਨੇ ਸਾਰੀ ਸੱਚਾਈ ਦਾ ਖੁਲਾਸਾ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਦੇ ਨਾਨਾ ਤਰਸੇਮ ਸਿੰਘ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਦੋਵਾਂ ਨੇ ਮਿਲ ਕੇ ਬੱਚੀ ਦੇ ਕਤਲ ਦਾ ਕਬੂਲਨਾਮਾ ਕੀਤਾ ਅਤੇ ਲਾਸ਼ ਬਰਾਮਦ ਕਰਨ 'ਚ ਪੁਲਸ ਦੀ ਮਦਦ ਕੀਤੀ। ਪੁਲਸ ਨੇ ਟਾਂਡਾ ਨੇੜੇ ਇਕ ਨਾਲੇ ਕੋਲੋਂਂ ਬੱਚੀ ਦੀ ਲਾਸ਼ ਬਰਾਮਦ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਫੋਰੈਂਸਿਕ ਟੀਮ ਨੇ ਇਸ ਦੀ ਜਾਂਚ ਕਰ ਰਹੀ ਹੈ।