ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਸ਼ੁਰੂ ਹੋਈ ਇਹ ਖ਼ਾਸ ਸੇਵਾ

ਡੇਰਾ ਬਿਆਸ ਰਾਧਾ ਸੁਆਮੀ ਸਤਿਸੰਗ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਡੇਰਾ ਬਿਆਸ ਦੇ ਪ੍ਰਭਾਵ ਨੂੰ ਧਿਆਨ 'ਚ ਰੱਖਦੇ ਹੋਏ, ਰੇਲਵੇ ਵਿਭਾਗ ਨੇ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਜਾਣਕਾਰੀ ਮੁਤਾਬਕ ਭਾਰਤੀ ਰੇਲਵੇ ਵਿਭਾਗ ਨੇ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਰੇਲ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾਵਾਂ ਹਜ਼ਰਤ ਨਿਜ਼ਾਮੂਦੀਨ-ਬਿਆਸ ਅਤੇ ਸਹਾਰਨਪੁਰ-ਬਿਆਸ ਵਿਚਕਾਰ ਚਲਾਈਆਂ ਜਾਣਗੀਆਂ। ਦੱਸ ਦੇਈਏ ਕਿ ਇਹ ਵਿਸ਼ੇਸ਼ ਰੇਲ ਗੱਡੀਆਂ ਸਿਰਫ਼ ਇਕ-ਇਕ ਟਰਿੱਪ ਲਈ ਹੀ ਚੱਲਣਗੀਆਂ ਤਾਂ ਜੋ ਸਤਿਸੰਗ 'ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਆਉਣ-ਜਾਣ 'ਚ ਕੋਈ ਮੁਸ਼ਕਲ ਨਾ ਆਵੇ। ਇਹ ਸਪੈਸ਼ਲ ਰੇਲਗੱਡੀ ਨੰਬਰ 04451, ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ 11 ਸਤੰਬਰ 2025 ਨੂੰ ਸ਼ਾਮ 7.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ।

ਇਹ ਰੇਲਗੱਡੀ ਨੰਬਰ 04452 ਵਾਪਸੀ ਸਮੇਂ ਬਿਆਸ ਤੋਂ 14 ਸਤੰਬਰ 2025 ਨੂੰ ਰਾਤ 8.35 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 4 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਆਪਣੀ ਯਾਤਰਾ ਦੌਰਾਨ ਇਹ ਰੇਲਗੱਡੀ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ਵਿਚ ਰੁਕੇਗੀ। ਇਨ੍ਹਾਂ ਸਟੇਸ਼ਨਾਂ ’ਤੇ ਸ਼ਰਧਾਲੂ ਆਸਾਨੀ ਨਾਲ ਚੜ੍ਹ ਅਤੇ ਉੱਤਰ ਸਕਦੇ ਹਨ।

ਸਹਾਰਨਪੁਰ ਤੋਂ ਬਿਆਸ ਜਾਣ ਵਾਲੀ ਸਪੈਸ਼ਲ ਰੇਲਗੱਡੀ ਨੰਬਰ 04565 12 ਸਤੰਬਰ 2025 ਨੂੰ ਰਾਤ 8.50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 2.15 ਵਜੇ ਬਿਆਸ ਪਹੁੰਚੇਗੀ। ਵਾਪਸੀ ਲਈ, ਇਹ ਰੇਲਗੱਡੀ ਨੰਬਰ 04566, 14 ਸਤੰਬਰ 2025 ਨੂੰ ਬਿਆਸ ਤੋਂ ਸ਼ਾਮ 3 ਵਜੇ ਚੱਲੇਗੀ ਅਤੇ ਰਾਤ 8.20 ਵਜੇ ਸਹਾਰਨਪੁਰ ਪਹੁੰਚੇਗੀ।