ਮੁਸ਼ਕਲਾਂ 'ਚ ਫਸੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ, 60 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਉੱਤੇ 60 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਇਹ ਸ਼ਿਕਾਇਤ ਵਪਾਰੀ ਦੀਪਕ ਕੋਠਾਰੀ, ਡਾਇਰੈਕਟਰ ਲੋਟਸ ਕੈਪਿਟਲ ਫਾਇਨੈਂਸ਼ਲ ਸਰਵਿਸਿਜ਼ ਲਿਮਿਟੇਡ, ਵੱਲੋਂ ਦਰਜ ਕਰਵਾਈ ਗਈ ਹੈ।

ਸ਼ਿਕਾਇਤ ਅਨੁਸਾਰ, 2015 ਤੋਂ 2023 ਤੱਕ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਕਾਰੋਬਾਰ ਵਧਾਉਣ ਦੇ ਨਾਂ 'ਤੇ ਵੱਡੀ ਰਕਮ ਹਾਸਲ ਕੀਤੀ, ਪਰ ਇਸਦੀ ਵਰਤੋਂ ਨਿੱਜੀ ਖਰਚਿਆਂ ਲਈ ਕੀਤੀ ਗਈ। ਕੋਠਾਰੀ ਨੇ ਦਾਅਵਾ ਕੀਤਾ ਕਿ 2015 ਵਿੱਚ ਜੋੜੇ ਨੇ ਇਕ ਵਿਚੋਲੇ ਰਾਹੀਂ ਉਸ ਤੋਂ ਆਪਣੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਿਟੇਡ ਲਈ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ ਸੀ, ਜਿਸ 'ਤੇ 12 ਫੀਸਦੀ ਵਿਆਜ ਦੀ ਗੱਲ ਹੋਈ ਸੀ। ਬਾਅਦ ਵਿੱਚ, ਇਸ ਰਕਮ ਨੂੰ ਕਰਜ਼ੇ ਦੀ ਬਜਾਏ "ਨਿਵੇਸ਼" ਵਜੋਂ ਦੇਣ ਦੀ ਬੇਨਤੀ ਕੀਤੀ ਗਈ ਅਤੇ ਮਹੀਨਾਵਾਰ ਮੁਨਾਫ਼ੇ ਨਾਲ ਮੁੱਖ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ।

ਕੋਠਾਰੀ ਦੇ ਮਤਾਬਕ, ਅਪ੍ਰੈਲ 2015 ਵਿੱਚ ਉਸਨੇ 31.95 ਕਰੋੜ ਰੁਪਏ ਸ਼ੇਅਰ ਸਬਸਕ੍ਰਿਪਸ਼ਨ ਐਗਰੀਮੈਂਟ ਅਧੀਨ ਟ੍ਰਾਂਸਫਰ ਕੀਤੇ, ਜਦੋਂਕਿ ਸਤੰਬਰ 2015 ਵਿੱਚ 28.53 ਕਰੋੜ ਰੁਪਏ ਹੋਰ ਸਪਲੀਮੈਂਟਰੀ ਐਗਰੀਮੈਂਟ ਤਹਿਤ ਦਿੱਤੇ ਗਏ। ਇਹ ਸਾਰੀ ਰਕਮ ਕੰਪਨੀ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਈ।

ਸ਼ਿਕਾਇਤ ਮੁਤਾਬਕ, ਕਈ ਕੋਸ਼ਿਸ਼ਾਂ ਦੇ ਬਾਵਜੂਦ ਰਕਮ ਵਾਪਸ ਨਹੀਂ ਮਿਲੀ ਅਤੇ ਦੋਸ਼ ਲਗਾਇਆ ਗਿਆ ਕਿ ਇਹ ਪੈਸਾ ਬੇਇਮਾਨੀ ਨਾਲ ਨਿੱਜੀ ਫ਼ਾਇਦੇ ਲਈ ਵਰਤਿਆ ਗਿਆ। ਫ਼ਿਲਹਾਲ, ਆਰਥਿਕ ਅਪਰਾਧ ਵਿੰਗ (EOW) ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।