ਨਹੀਂ ਰਹੇ ਪੰਜਾਬੀ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ, 65 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।ਜਿਸ ਕਾਰਨ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਾਲਾਤ ਖ਼ਰਾਬ ਹੋਣ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 65 ਸਾਲ ਦੀ ਉਮਰ ‘ਚ ਆਖਿਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਮੋਹਾਲੀ 'ਚ ਕੀਤਾ ਜਾਵੇਗਾ।

ਕੱਲ ਹੋਵੇਗਾ ਅੰਤਿਮ ਸੰਸਕਾਰ

ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ‘ਚਾਚਾ ਚਤਰਾ’ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫਿਲਮ ਜਗਤ ‘ਚ ਸੋਗ ਦੀ ਲਹਿਰ ਹੈ।

ਜਸਵਿੰਦਰ ਭੱਲਾ ਦਾ ਜਨਮ

ਜਸਵਿੰਦਰ ਭੱਲਾ ਦਾ ਜਨਮ 4 ਮਈ, 1960 ਨੂੰ ਦੋਰਾਹਾ ਲੁਧਿਆਣਾ ਵਿੱਚ ਹੋਇਆ ਸੀ। ਉਹ ਇੱਕ ਪ੍ਰੋਫੈਸਰ ਵੀ ਸਨ। ਉਨ੍ਹਾਂ ਨੇ 1988 ਵਿੱਚ "ਛਣਕਟਾ 88" ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕੀਤਾ ਅਤੇ ਫਿਲਮ "ਦੁੱਲਾ ਭੱਟੀ" ਨਾਲ ਇੱਕ ਅਦਾਕਾਰ ਬਣੇ। ਉਹ ਆਪਣੀ ਕਾਮੇਡੀ ਲੜੀ "ਛਣਕਟਾ" ਅਤੇ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਅੱਜ ਕੋਈ ਵੀ ਪੰਜਾਬੀ ਫਿਲਮ ਅਜਿਹੀ ਨਹੀਂ ਹੈ, ਜਿਸ ਵਿੱਚ ਉਹ ਨਜ਼ਰ ਨਾ ਆਏ ਹੋਣ।

ਫ਼ਿਲਮੀ ਕਰੀਅਰ

ਇੱਕ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ, ਭੱਲਾ 'ਕੈਰੀ ਔਨ ਜੱਟਾ', 'ਮਾਹੌਲ ਠੀਕ ਹੈ', 'ਜੱਟ ਏਅਰਵੇਜ਼', ਅਤੇ 'ਜੱਟ ਐਂਡ ਜੂਲੀਅਟ 2' ਵਰਗੀਆਂ ਪੰਜਾਬੀ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ।