ਪੰਜਾਬ 'ਚ ਭਾਰੀ ਮੀਂਹ ਦਾ ਯੈਲੋ ਅਲਰਟ! ਕਈ ਜ਼ਿਲ੍ਹਿਆਂ 'ਚ ਹੜ੍ਹ ਦਾ ਖ਼ਤਰਾ

ਸੂਬੇ 'ਚ ਲਗਾਤਾਰ ਪੈ ਰਹੇ ਮੀਂਹ ਨੇ ਸਥਿਤੀ ਨੂੰ ਚਿੰਤਾਜਨਕ ਬਣਾ ਦਿੱਤਾ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਹੈ।


ਸੂਬੇ 'ਚ ਲਗਾਤਾਰ ਪੈ ਰਹੇ ਮੀਂਹ ਨੇ ਸਥਿਤੀ ਨੂੰ ਚਿੰਤਾਜਨਕ ਬਣਾ ਦਿੱਤਾ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਹੈ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਹੋਰ ਇਲਾਕਿਆਂ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਦੂਜੇ ਪਾਸੇ, ਪਹਾੜਾਂ 'ਚ ਮੀਂਹ ਨੇ ਪੰਜਾਬ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਜੰਮੂ-ਕਸ਼ਮੀਰ 'ਚ ਮੀਂਹ ਤੋਂ ਬਾਅਦ, ਰਾਵੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਪਠਾਨਕੋਟ ਦੀਆਂ ਕਈ ਚੌਕੀਆਂ ਅਤੇ ਸਰਹੱਦਾਂ ਪਾਣੀ ਦੀ ਲਪੇਟ 'ਚ ਹਨ। ਦੂਜੇ ਪਾਸੇ, ਪਠਾਨਕੋਟ ਦੇ ਕਈ ਪਿੰਡਾਂ 'ਚ ਪਾਣੀ 2 ਤੋਂ 3 ਫੁੱਟ ਤੱਕ ਵੱਧ ਗਿਆ ਹੈ। ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਬਿਆਸ ਆਪਣੇ ਭਿਆਨਕ ਰੂਪ 'ਚ ਹੈ। ਹੁਸ਼ਿਆਰਪੁਰ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਤਰਨਤਾਰਨ ਹੜ੍ਹਾਂ ਦੀ ਲਪੇਟ 'ਚ ਹਨ।

ਪੰਜਾਬ 'ਚ ਕੱਲ੍ਹ ਵੀ ਮੀਂਹ ਪੈਣ ਦੀ ਸੰਭਾਵਨਾ
ਪੰਜਾਬ 'ਚ ਕੱਲ੍ਹ ਯਾਨੀ ਮੰਗਲਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਮੀਂਹ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬੁੱਧਵਾਰ ਤੋਂ ਪੰਜਾਬ 'ਚ ਸਥਿਤੀ ਫਿਰ ਆਮ ਹੋ ਜਾਵੇਗੀ। 72 ਘੰਟਿਆਂ ਤੱਕ ਹਾਲਾਤ ਆਮ ਰਹਿਣ ਤੋਂ ਬਾਅਦ 23 ਅਗਸਤ ਤੋਂ ਸੂਬੇ 'ਚ ਮਾਨਸੂਨ ਫਿਰ ਐਕਟਿਵ ਹੋ ਜਾਵੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।