ਭਾਰਤ ਨੇ ਗੱਡੇ ਝੰਡੇ, ਚੌਥੀ ਵਾਰ ਜਿੱਤਿਆ ਹਾਕੀ ਏਸ਼ੀਆ ਕੱਪ ਦਾ ਖਿਤਾਬ

ਇਸ ਜਿੱਤ ਦੇ ਨਾਲ ਹੀ ਭਾਰਤ ਨੇ 2026 ਵਿਸ਼ਵ ਕੱਪ ਵਿੱਚ ਵੀ ਜਗ੍ਹਾ ਬਣਾਈ।

ਭਾਰਤ ਨੇ ਹਾਕੀ ਏਸ਼ੀਆ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਟੀਮ ਇੰਡੀਆ ਨੇ ਐਤਵਾਰ ਨੂੰ ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿੱਚ ਹੋਏ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਭਾਰਤ ਨੇ ਇਹ ਖਿਤਾਬ ਚੌਥੀ ਵਾਰ ਜਿੱਤਿਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 2026 ਵਿਸ਼ਵ ਕੱਪ ਵਿੱਚ ਵੀ ਜਗ੍ਹਾ ਬਣਾਈ।

ਸੁਖਜੀਤ ਸਿੰਘ ਨੇ ਭਾਰਤ ਲਈ ਫਾਈਨਲ ਮੈਚ ਦੇ ਪਹਿਲੇ ਹੀ ਮਿੰਟ ਵਿੱਚ ਗੋਲ ਕੀਤਾ। ਦਿਲਪ੍ਰੀਤ ਸਿੰਘ ਨੇ ਦੂਜੇ ਕੁਆਰਟਰ ਵਿੱਚ ਫਿਰ ਗੋਲ ਕਰਕੇ ਭਾਰਤ ਨੂੰ 2-0 ਦੀ ਲੀਡ ਦਿਵਾਈ। ਦਿਲਪ੍ਰੀਤ ਨੇ ਤੀਜੇ ਕੁਆਰਟਰ ਵਿੱਚ ਇੱਕ ਹੋਰ ਗੋਲ ਕੀਤਾ। ਚੌਥੇ ਕੁਆਰਟਰ ਵਿੱਚ, ਅਮਿਤ ਰੋਹਿਦਾਸ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ। ਦੱਖਣੀ ਕੋਰੀਆ ਵੱਲੋਂ ਸੋਨ ਡੀਓਨ ਨੇ ਇੱਕੋ ਇੱਕ ਗੋਲ ਕੀਤਾ।

ਟੀਮ ਇੰਡੀਆ ਨੇ ਫਾਈਨਲ ਵਿੱਚ 5 ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਚੌਥੀ ਵਾਰ ਖਿਤਾਬ ਜਿੱਤਿਆ। ਭਾਰਤ ਨੇ ਆਖਰੀ ਵਾਰ 2017 ਵਿੱਚ ਏਸ਼ੀਆ ਕੱਪ ਫਾਈਨਲ ਵਿੱਚ ਮਲੇਸ਼ੀਆ ਨੂੰ ਹਰਾ ਕੇ ਜਿੱਤਿਆ ਸੀ। ਕੋਰੀਆ ਦੂਜੀ ਵਾਰ ਉਪ ਜੇਤੂ ਰਿਹਾ। ਟੀਮ ਨੂੰ 2007 ਵਿੱਚ ਫਾਈਨਲ ਵਿੱਚ ਵੀ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।