ਜਲੰਧਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਪਈਆਂ ਭਾਜੜਾਂ! CCTV 'ਚ ਕੈਦ ਹੋਈ ਘਟਨਾ

ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਰਾਤ ਨੂੰ ਉਦੋਂ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਿਹੰਗ ਬਾਣੇ 'ਚ ਕੁਝ ਨੌਜਵਾਨਾਂ ਨੇ ਨਾ ਸਿਰਫ਼ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੇ ਜਵਾਨਾਂ ਨਾਲ ਝਗੜਾ ਕੀਤਾ ਬਲਕਿ RPF ਚੌਕੀ 'ਤੇ ਹਮਲਾ ਕਰਕੇ ਭੰਨਤੋੜ ਵੀ ਕੀਤੀ।

ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਰਾਤ ਨੂੰ ਉਦੋਂ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਿਹੰਗ ਬਾਣੇ 'ਚ ਕੁਝ ਨੌਜਵਾਨਾਂ ਨੇ ਨਾ ਸਿਰਫ਼ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੇ ਜਵਾਨਾਂ ਨਾਲ ਝਗੜਾ ਕੀਤਾ ਬਲਕਿ RPF ਚੌਕੀ 'ਤੇ ਹਮਲਾ ਕਰਕੇ ਭੰਨਤੋੜ ਵੀ ਕੀਤੀ। ਨੌਜਵਾਨਾਂ ਨੂੰ ਹੱਥਾਂ 'ਚ ਤਲਵਾਰਾਂ ਅਤੇ ਹੋਰ ਹਥਿਆਰ ਫੜੀ ਦੇਖ ਕੇ ਯਾਤਰੀਆਂ ਨੂੰ ਭਾਜੜਾਂ ਪੈ ਗਈਆਂ। ਇਹ ਸਾਰੀ ਘਟਨਾ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਜੰਮੂ ਤਵੀ ਐਕਸਪ੍ਰੈਸ (19225) ਦੇ ਸਟੇਸ਼ਨ ਪਹੁੰਚਣ ਤੋਂ ਬਾਅਦ ਵਾਪਰੀ। ਆਰਪੀਐਫ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਰੋਹਿਲਾ ਆਪਣੀ ਟੀਮ ਨਾਲ ਪਲੇਟਫਾਰਮ 'ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਨਿਹੰਗ ਬਾਣੇ 'ਚ ਕੁਝ ਨੌਜਵਾਨ ਵਾਰ-ਵਾਰ ਟਰੇਨ 'ਚ ਚੜ੍ਹ ਅਤੇ ਉਤਰ ਰਹੇ ਸਨ। ਸ਼ੱਕੀ ਲੱਗਣ 'ਤੇ ਇੰਸਪੈਕਟਰ ਰੋਹਿਲਾ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਟਿਕਟ ਦਿਖਾਉਣ ਲਈ ਕਿਹਾ।

ਦੋਸ਼ ਹੈ ਕਿ ਟਿਕਟ ਮੰਗਣ 'ਤੇ ਨੌਜਵਾਨ ਗੁੱਸੇ 'ਚ ਆ ਗਏ ਅਤੇ ਜਵਾਨਾਂ ਨਾਲ ਗਾਲੀ-ਗਲੋਚ ਅਤੇ ਬਹਿਸ ਕਰਨ ਲੱਗ ਪਏ। ਜਲਦੀ ਹੀ ਮਾਮਲਾ ਵਧ ਗਿਆ ਅਤੇ ਨੌਜਵਾਨਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਮੌਕੇ 'ਤੇ ਮੌਜੂਦ ਹੋਰ RPF ਜਵਾਨਾਂ ਨੇ ਦਖਲ ਦਿੱਤਾ ਅਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਨੂੰ RPF ਚੌਕੀ ਲੈ ਆਏ। ਹਥਿਆਰਬੰਦ ਨੌਜਵਾਨਾਂ ਨੂੰ ਸਟੇਸ਼ਨ 'ਤੇ ਹੰਗਾਮਾ ਕਰਦੇ ਦੇਖ ਕੇ ਯਾਤਰੀਆਂ 'ਚ ਡਰ ਫੈਲ ਗਿਆ ਅਤੇ ਉਹ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਲਗਭਗ 10 ਮਿੰਟ ਤੱਕ ਹੰਗਾਮਾ ਕਰਨ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ।