ਹੜ੍ਹ ਦੀ ਤਬਾਹੀ ਵੇਖ ਦੁਖੀ ਹੋਇਆ ਪੰਜਾਬ ਦਾ ਪੁੱਤਰ ਸ਼ੁਭਮਨ ਗਿੱਲ, ਹਰਭਜਨ ਸਿੰਘ ਨੇ ਵੀ ਵਧਾਇਆ ਮਦਦ ਦਾ ਹੱਥ

ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਵਿੱਚ ਆਈ ਇਸ ਤਬਾਹੀ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।

ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਈ ਭਿਆਨਕ ਹੜ੍ਹ ਨਾਲ ਲੋਕਾਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਪੰਜਾਬ ਦੇ ਰੇਵਨਿਊ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਮੰਤਰੀ ਐੱਸ ਹਰਦੀਪ ਸਿੰਘ ਮੁੰਡੀਆਨ ਦੇ ਅਨੁਸਾਰ ਹੜ੍ਹ ਨੇ 12 ਜ਼ਿਲ੍ਹਿਆਂ ਦੇ 2.56 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ, ਜਦਕਿ ਖੇਤੀਬਾੜੀ, ਪਸ਼ੂ-ਧਨ ਅਤੇ ਸੰਪਤੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਸ਼ੁਭਮਨ ਗਿੱਲ ਨੇ ਪ੍ਰਗਟਾਇਆ ਦੁੱਖ

ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਆਪਣੇ ਗ੍ਰਹਿ-ਰਾਜ ਪੰਜਾਬ ਵਿੱਚ ਆਈ ਇਸ ਤਬਾਹੀ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, "ਆਪਣੇ ਪੰਜਾਬ ਨੂੰ ਹੜ੍ਹ ਨਾਲ ਤਬਾਹ ਹੁੰਦਾ ਦੇਖ ਕੇ ਦਿਲ ਟੁੱਟ ਗਿਆ। ਪੰਜਾਬ ਹਮੇਸ਼ਾਂ ਕਿਸੇ ਵੀ ਆਫ਼ਤ ਨਾਲੋਂ ਵੱਧ ਮਜ਼ਬੂਤ ਰਹੇਗਾ ਅਤੇ ਅਸੀਂ ਇਸ ਤੋਂ ਉੱਭਰਾਂਗੇ। ਮੇਰੀਆਂ ਦੁਆਵਾਂ ਸਾਰੇ ਪ੍ਰਭਾਵਿਤ ਪਰਿਵਾਰਾਂ ਨਾਲ ਹਨ। ਮੈਂ ਆਪਣੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।"

ਹਰਭਜਨ ਸਿੰਘ ਨੇ ਵਧਾਇਆ ਮਦਦ ਦਾ ਹੱਥ

ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਬਚਾਆ ਕਾਰਜਾਂ ਨੂੰ ਤੇਜ਼ ਕਰਨ ਲਈ 10 ਕਿਸ਼ਤੀਆਂ ਮੁਹੱਈਆ ਕਰਵਾਉਣਗੇ।

ਹਰਭਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁਸ਼ਕਲ ਸਮੇਂ ‘ਚ ਹਰ ਕੋਈ ਆਪਣਾ ਸਹਿਯੋਗ ਦੇਵੇ।

ਹਰਭਜਨ ਸਿੰਘ ਨੇ ਕਿਹਾ, "ਮੈਂ ਖ਼ੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਿਆ ਹਾਂ। ਇਹ ਪੰਜਾਬ ਦੇ ਸਾਰੇ ਲੋਕਾਂ ਲਈ ਇੱਕ ਮੁਸ਼ਕਲ ਸਮਾਂ ਹੈ। ਅਸੀਂ ਇੱਕ-ਦੂਜੇ ਦੀ ਮਦਦ ਕਰ ਰਹੇ ਹਾਂ। ਮੈਂ ਸਾਰੀਆਂ ਸੇਵਾ ਸੰਸਥਾਵਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਜੋ ਲੋਕਾਂ ਦੀ ਜਾਨ ਬਚਾਉਣ ਲਈ ਰਾਤ-ਦਿਨ ਲੱਗੇ ਹੋਏ ਹਨ। ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਵੀ ਅਪੀਲ ਕੀਤੀ ਹੈ ਕਿ ਇਸ ਘੜੀ ‘ਚ ਪੰਜਾਬ ਦੀ ਮਦਦ ਕਰਨ। ਪੰਜਾਬ ਅੱਜ ਸਭ ਦੀ ਸਮੱਸਿਆ ਨਾਲ ਖੜ੍ਹਾ ਹੈ।ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਆਪਣਾ ਸਮਰਥਨ ਦਿਖਾਓ।"