ਪੰਜਾਬ 'ਚ PUNBUS ਅਤੇ PRTC ਦੀ ਹੜਤਾਲ ਜਾਰੀ, ਯਾਤਰੀਆਂ ਦੀਆਂ ਵਧੀਆਂ ਮੁਸ਼ਕਲਾਂ

ਪੰਜਾਬ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਪਨਬਸ ਅਤੇ ਪੀ.ਆਰ.ਟੀ.ਸੀ. ਦੇ ਠੇਕੇ 'ਤੇ ਰੱਖੇ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਸੂਬੇ ਭਰ ਦੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਪਨਬਸ ਅਤੇ ਪੀ.ਆਰ.ਟੀ.ਸੀ. ਦੇ ਠੇਕੇ 'ਤੇ ਰੱਖੇ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਸੂਬੇ ਭਰ ਦੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਦੇ ਬਾਵਜੂਦ, ਉਨ੍ਹਾਂ ਦੀਆਂ ਮੰਗਾਂ ਨੂੰ ਅਜੇ ਤੱਕ ਰਸਮੀ ਤੌਰ 'ਤੇ ਸਵੀਕਾਰ ਨਹੀਂ ਕੀਤਾ ਗਿਆ ਹੈ।ਹੜਤਾਲ ਕਾਰਨ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਲਗਭਗ 3,000 ਬੱਸਾਂ ਸੜਕਾਂ ਤੋਂ ਬਾਹਰ ਹਨ। ਇਸ ਨਾਲ ਨਾ ਸਿਰਫ਼ ਆਮ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਵਿਦਿਆਰਥੀਆਂ, ਕੰਮਕਾਜੀ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਦੀ ਰੁਟੀਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤਿੰਨ ਮੰਗਾਂ ਤੇ ਸਹਿਮਤੀ ਬਣਨ ਤੋਂ ਬਾਅਦ ਵੀ ਸਰਕਾਰ ਵੱਲੋਂ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਬੀਤੀ ਰਾਤ ਯੂਨੀਅਨ ਦੀ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ। ਇਸ ਮੀਟਿੰਗ ’ਚ ਠੇਕਾ ਮੁਲਾਜ਼ਮਾਂ ਦੀਆਂ ਤਿੰਨ ਮੰਗਾਂ ’ਤੇ ਸਹਿਮਤੀ ਬਣੀ। ਯੂਨੀਅਨ ਨੇ ਕਿਹਾ ਕਿ ਮੰਨੀਆਂ ਗਈਆਂ ਮੰਗਾਂ ਦੀ ਚਿੱਠੀ ਜਾਰੀ ਕੀਤੀ ਜਾਵੇ ਇਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਹੜਤਾਲ ਖਤਮ ਕੀਤੀ ਜਾਵੇਗੀ।

ਫਿਲਹਾਲ ਪੰਜਾਬ ’ਚ ਬੱਸਾਂ ਦਾ ਚੱਕਾ ਜਾਮ ਰਹੇਗਾ। ਜਿਸ ਕਾਰਨ ਆਮ ਲੋਕਾਂ ਨੂੰ ਤਿਉਹਾਰ ਵਾਲੇ ਦਿਨ ਵੀ ਕਾਫੀ ਖੱਜਲ ਖੁਆਰ ਹੋਣਾ ਪਿਆ। ਦੱਸਣਯੋਗ ਹੈ ਕਿ 7 ਅਗਸਤ ਨੂੰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਦੋ ਘੰਟੇ ਦੀ ਹੜਤਾਲ ਕੀਤੀ ਸੀ। ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ 13 ਅਗਸਤ ਨੂੰ ਮੀਟਿੰਗ ਲਈ ਬੁਲਾਇਆ ਸੀ।ਇਸ ਤੋਂ ਬਾਅਦ, ਬੁੱਧਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਸਕੱਤਰ ਨਾਲ ਯੂਨੀਅਨ ਦੀ ਮੀਟਿੰਗ ਬੇਸਿੱਟਾ ਰਹੀ ਅਤੇ ਪਹਿਲਾਂ ਐਲਾਨੇ ਗਏ ਸੰਘਰਸ਼ ਦੇ ਹਿੱਸੇ ਵਜੋਂ, ਯੂਨੀਅਨ ਨੇ 14 ਅਗਸਤ ਤੋਂ ਸੂਬੇ ਭਰ ਦੇ ਸਾਰੇ ਡਿਪੂ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ।