ਟੈਰਿਫ਼ ਮਗਰੋਂ ਅਮਰੀਕਾ ਦਾ ਭਾਰਤੀਆਂ ਨੂੰ ਇਕ ਹੋਰ ਝਟਕਾ! ਵੀਜ਼ਾਂ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਅਮਰੀਕਾ ਨੇ ਨਾਨ-ਇਮੀਗ੍ਰੈਂਟ ਵੀਜ਼ਾ (NIV) ਨਾਲ ਸੰਬੰਧਤ ਨਿਯਮਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਪਣਾ ਇੰਟਰਵਿਊ ਸਿਰਫ਼ ਉਸੇ ਦੇਸ਼ ਵਿੱਚ ਦੇਣਾ ਪਵੇਗਾ, ਜਿੱਥੇ ਉਨ੍ਹਾਂ ਦੀ ਨਾਗਰਿਕਤਾ ਹੈ ਜਾਂ ਜਿੱਥੇ ਉਹ ਕਾਨੂੰਨੀ ਤੌਰ 'ਤੇ ਰਹਿੰਦੇ ਹਨ।

ਅਮਰੀਕਾ ਨੇ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਟੈਰਿਫ਼ ਲਾਗੂ ਕਰਨ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੇ ਕੁਝ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਹਨ, ਜਿਸ ਕਾਰਨ ਭਾਰਤੀ ਨਾਗਰਿਕਾਂ ਨੂੰ ਸਿੱਧਾ ਪ੍ਰਭਾਵ ਪੈ ਸਕਦਾ ਹੈ।

ਅਮਰੀਕਾ ਨੇ ਨਾਨ-ਇਮੀਗ੍ਰੈਂਟ ਵੀਜ਼ਾ (NIV) ਨਾਲ ਸੰਬੰਧਤ ਨਿਯਮਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਪਣਾ ਇੰਟਰਵਿਊ ਸਿਰਫ਼ ਉਸੇ ਦੇਸ਼ ਵਿੱਚ ਦੇਣਾ ਪਵੇਗਾ, ਜਿੱਥੇ ਉਨ੍ਹਾਂ ਦੀ ਨਾਗਰਿਕਤਾ ਹੈ ਜਾਂ ਜਿੱਥੇ ਉਹ ਕਾਨੂੰਨੀ ਤੌਰ 'ਤੇ ਰਹਿੰਦੇ ਹਨ।

ਇਸ ਨਵੇਂ ਨਿਯਮ ਅਧੀਨ, ਭਾਰਤੀ ਨਾਗਰਿਕ ਹੁਣ ਕਿਸੇ ਤੀਸਰੇ ਦੇਸ਼ (ਜਿਵੇਂ ਕਿ ਥਾਈਲੈਂਡ, ਸਿੰਗਾਪੁਰ, ਜਰਮਨੀ ਆਦਿ) ਵਿੱਚ ਜਾ ਕੇ B1 (ਬਿਜ਼ਨਸ) ਜਾਂ B2 (ਟੂਰਿਸਟ) ਵੀਜ਼ਾ ਲਈ ਇੰਟਰਵਿਊ ਨਹੀਂ ਦੇ ਸਕਣਗੇ।

ਕੋਵਿਡ-19 ਸਮੇਂ ਮਿਲੀ ਸੀ ਛੂਟ

ਕੋਵਿਡ-19 ਦੌਰਾਨ ਅਮਰੀਕਾ ਵਿੱਚ ਵੀਜ਼ਾ ਅਪਾਇੰਟਮੈਂਟ ਲਈ ਉਡੀਕ ਮਿਆਦ 3 ਸਾਲ ਤੱਕ ਲੰਬੀ ਹੋ ਗਈ ਸੀ। ਇਸ ਕਾਰਨ, ਅਮਰੀਕੀ ਦੂਤਾਵਾਸਾਂ ਨੇ ਅਸਥਾਈ ਛੂਟ ਦਿੱਤੀ ਸੀ ਕਿ ਭਾਰਤੀ ਉਮੀਦਵਾਰ ਕਿਸੇ ਹੋਰ ਦੇਸ਼ ਜਾ ਕੇ ਇੰਟਰਵਿਊ ਦੇ ਸਕਣ। ਹਜ਼ਾਰਾਂ ਭਾਰਤੀ ਨਾਗਰਿਕਾਂ ਨੇ ਇਸ ਰਾਹ ਦਾ ਫ਼ਾਇਦਾ ਲਿਆ ਅਤੇ ਬੈਂਕਾਕ, ਸਿੰਗਾਪੁਰ, ਫ੍ਰੈਂਕਫ਼ਰਟ ਤੇ ਬ੍ਰਾਜ਼ੀਲ ਵਰਗੇ ਸ਼ਹਿਰਾਂ ਵਿੱਚ ਇੰਟਰਵਿਊ ਦਿੱਤੇ ਸਨ। ਪਰ ਹੁਣ ਇਹ ਵਿਕਲਪ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।

ਕਿਨ੍ਹਾਂ ਉੱਤੇ ਲਾਗੂ ਹੋਵੇਗਾ ਨਵਾਂ ਨਿਯਮ?

ਇਹ ਨਿਯਮ ਸਿਰਫ਼ ਟੂਰਿਸਟ ਅਤੇ ਬਿਜ਼ਨਸ ਵੀਜ਼ਾ ਲਈ ਹੀ ਨਹੀਂ, ਸਗੋਂ ਸਟੂਡੈਂਟਸ, ਅਸਥਾਈ ਕਰਮਚਾਰੀਆਂ, ਵਿਆਹ ਅਤੇ ਪਰਿਵਾਰਕ ਕਾਰਨਾਂ ਨਾਲ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ 'ਤੇ ਵੀ ਲਾਗੂ ਹੋਵੇਗਾ।

ਭਾਰਤ 'ਚ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ

ਅਮਰੀਕੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਇਸ ਵੇਲੇ ਭਾਰਤ ਦੇ ਮੁੱਖ ਸ਼ਹਿਰਾਂ ਵਿੱਚ ਵੀਜ਼ਾ ਇੰਟਰਵਿਊ ਲਈ ਉਡੀਕ ਮਿਆਦ ਬਹੁਤ ਲੰਬੀ ਹੈ:

ਹੈਦਰਾਬਾਦ ਅਤੇ ਮੁੰਬਈ – ਲਗਭਗ 3.5 ਮਹੀਨੇ

ਦਿੱਲੀ – 4.5 ਮਹੀਨੇ

ਕੋਲਕਾਤਾ – 5 ਮਹੀਨੇ

ਚੇਨਈ – ਲਗਭਗ 9 ਮਹੀਨੇ

ਇਨ੍ਹਾਂ ਲੰਬੀਆਂ ਉਡੀਕਾਂ ਕਾਰਨ ਹੀ ਲੋਕ ਪਹਿਲਾਂ ਹੋਰ ਦੇਸ਼ਾਂ ਵਿਚ ਜਾ ਕੇ ਇੰਟਰਵਿਊ ਕਰਨਾ ਪਸੰਦ ਕਰਦੇ ਸਨ। ਪਰ ਹੁਣ ਉਨ੍ਹਾਂ ਲਈ ਇਹ ਰਾਹ ਬੰਦ ਹੋ ਗਿਆ ਹੈ।