ਹੜ੍ਹ ਪੀੜਤਾਂ ਦੇ ਦੁੱਖ ਸੁਣ CM ਮਾਨ ਦੇ ਅੱਖਾਂ 'ਚ ਆਏ ਹੰਝੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।

ਪੰਜਾਬ ਵਿੱਚ ਹੜ੍ਹ ਕਾਰਨ ਲੋਕਾਂ ਨੂੰ ਦੀਆਂ ਮੁਸ਼ਕਲਾਂ ਨੇ ਹਰ ਕਿਸੇ ਦਾ ਦਿਲ ਪਿਘਲਾ ਦਿੱਤਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ CM ਭਗਵੰਤ ਮਾਨ ਨੇ ਜਦੋਂ ਲੋਕਾਂ ਦੀ ਬੇਬਸੀ, ਟੁੱਟੇ ਘਰ, ਖੇਤਾਂ ਦੀ ਤਬਾਹੀ ਅਤੇ ਰੋਜ਼ੀ-ਰੋਟੀ ਦਾ ਨੁਕਸਾਨ ਦੇਖਿਆ ਤਾਂ ਉਹ ਖੁਦ ਨੂੰ ਰੋਕ ਨਾ ਸਕੇ ਤੇ ਉਨ੍ਹਾਂ ਦੀਆਂ ਅੱਖਾਂ ‘ਚ ਵੀ ਹੰਝੂ ਆ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਇੰਨੀ ਗੰਭੀਰ ਸਥਿਤੀ ਅਤੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਮੁੱਖ ਮੰਤਰੀ ਮਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇੱਕ ਹੜ੍ਹ ਪ੍ਰਭਾਵਿਤ ਔਰਤ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਸਭ ਕੁਝ ਵਹਿ ਜਾਵੇਗਾ ਅਤੇ ਸਾਡਾ ਕੁਝ ਵੀ ਨਹੀਂ ਬਚੇਗਾ। ਇਸ 'ਤੇ ਮੁੱਖ ਮੰਤਰੀ ਭਾਵੁਕ ਹੋ ਗਏ ਅਤੇ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ, ਇਹ ਕੁਦਰਤੀ ਆਫ਼ਤ ਹੈ ਅਤੇ ਸਭ ਕੁਝ ਮੇਰੇ 'ਤੇ ਛੱਡ ਦਿਓ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਨਾ ਸਿਰਫ਼ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ, ਸਗੋਂ ਹੜ੍ਹ ਪ੍ਰਬੰਧਨ ਦੀ ਨਿੱਜੀ ਤੌਰ 'ਤੇ ਨਿਗਰਾਨੀ ਵੀ ਕਰ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਰਾਹਤ ਟੀਮਾਂ ਰਾਤ-ਦਿਨ ਕੰਮ ਕਰ ਰਹੀਆਂ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ “ਇਹ ਮੁਸ਼ਕਲ ਘੜੀ ‘ਚ ਮੈਂ ਤੇ ਮੇਰੀ ਸਰਕਾਰ ਤੁਹਾਡੇ ਨਾਲ ਖੜ੍ਹੇ ਹਾਂ। ਹਰ ਪਰਿਵਾਰ ਦੀ ਸੰਭਾਲ ਕੀਤੀ ਜਾਵੇਗੀ।”