ਹੜ੍ਹ ਰਾਹਤ ਕਾਰਜਾਂ ‘ਤੇ CM ਮਾਨ ਦਾ ਵੱਡਾ ਐਲਾਨ, ਕਿਹਾ- “ਕੋਈ ਵੀ ਚੁੱਲ੍ਹਾ ਬੁਝਿਆ ਨਹੀਂ ਰਹਿਣ ਦੇਵਾਂਗੇ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇੱਥੇ ਚੰਡੀਗੜ੍ਹ ਰਿਹਾਇਸ਼ ਵਿਖੇ ਉੱਚ-ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬੇ ਭਰ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇੱਥੇ ਚੰਡੀਗੜ੍ਹ ਰਿਹਾਇਸ਼ ਵਿਖੇ ਉੱਚ-ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬੇ ਭਰ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ CM ਮਾਨ ਨੇ ਸਪਸ਼ਟ ਐਲਾਨ ਕੀਤਾ ਕਿ ਹਰ ਇਕ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਤੇ ਇਹ ਕੇਵਲ ਐਲਾਨਾਂ ਤੱਕ ਸੀਮਤ ਨਹੀਂ ਰਹੇਗਾ।

20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ

ਮੁੱਖ ਮੰਤਰੀ ਨੇ ਦੱਸਿਆ ਕਿ ਜਿੱਥੇ ਫਸਲ ਦਾ ਨੁਕਸਾਨ ਹੋਇਆ ਹੈ ਉੱਥੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮਿਲੇਗਾ। ਜਿੱਥੇ 100 ਫ਼ੀਸਦੀ ਨੁਕਸਾਨ ਹੋਇਆ ਹੈ, ਉੱਥੇ ਇਕ ਮਹੀਨੇ ਦੇ ਅੰਦਰ ਪਹਿਲਾ ਚੈੱਕ ਪੀੜਤਾਂ ਦੇ ਹੱਥ ਵਿੱਚ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ “ਪਿੰਡ-ਪਿੰਡ ਜਾ ਕੇ ਅਫ਼ਸਰ ਹਾਲਾਤ ਦਾ ਜਾਇਜ਼ਾ ਲੈਣਗੇ ਅਤੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ।”

ਘਰਾਂ ਤੇ ਪਸ਼ੂਆਂ ਲਈ ਵਾਧੂ ਸਹਾਇਤਾ

ਜਿਹੜੇ ਘਰ ਹੜ੍ਹਾਂ ਕਾਰਨ ਨੁਕਸਾਨੀਏ ਹਨ, ਉਨ੍ਹਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਇਸ ਰਕਮ ਨੂੰ ਵਧਾਇਆ ਵੀ ਜਾਵੇਗਾ। SDRF ਵੱਲੋਂ ਮਿਲਦੇ 6,800 ਰੁਪਏ ਦੇ ਮੁਆਵਜ਼ੇ ਨੂੰ ਵਧਾ ਕੇ 40 ਹਜ਼ਾਰ ਰੁਪਏ ਕੀਤਾ ਜਾ ਰਿਹਾ ਹੈ।

ਹੜ੍ਹਾਂ ਦੌਰਾਨ ਜੇਕਰ ਪਸ਼ੂ ਰੁੜ੍ਹ ਗਏ ਹਨ, ਤਾਂ ਪ੍ਰਤੀ ਪਸ਼ੂ 37,500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹੋਰ ਪਸ਼ੂਆਂ ਲਈ ਵੀ ਨਿਯਮਾਂ ਮੁਤਾਬਕ ਰਾਹਤ ਮਿਲੇਗੀ।

55 ਮੌਤਾਂ ਦੀ ਪੁਸ਼ਟੀ, 42 ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ

CM ਮਾਨ ਨੇ ਕਿਹਾ ਕਿ ਹੁਣ ਤੱਕ ਹੜ੍ਹਾਂ ਕਾਰਨ 55 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 42 ਪਰਿਵਾਰਾਂ ਨੂੰ ਮੁਆਵਜ਼ਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਅਤੇ ਵਚਨ ਦਿੱਤਾ ਕਿ ਹਰ ਪੀੜਤ ਤੱਕ ਰਾਹਤ ਸਹੀ ਸਮੇਂ ‘ਤੇ ਪਹੁੰਚੇਗੀ।

“ਕੋਈ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ”

ਮੁੱਖ ਮੰਤਰੀ ਨੇ ਸਾਰੇ ਅਫ਼ਸਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਰਾਹਤ ਕਾਰਜਾਂ ਵਿੱਚ ਕੋਈ ਢਿੱਲ ਜਾਂ ਗਲਤ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। CM ਮਾਨ ਨੇ ਕਿਹਾ, “ਜੇਕਰ ਕਿਸੇ ਨੇ ਪ੍ਰਭਾਵ ਹੇਠ ਆ ਕੇ ਗਲਤ ਕੰਮ ਕੀਤਾ ਜਾਂ ਬੇਈਮਾਨੀ ਕੀਤੀ ਤਾਂ ਉਸ ‘ਤੇ ਰਹਿਮ ਨਹੀਂ ਕੀਤਾ ਜਾਵੇਗਾ।”

“ਮੈਂ ਕਿਸਾਨ ਦਾ ਪੁੱਤ ਹਾਂ, ਲੋਕਾਂ ਦਾ ਦਰਦ ਸਮਝਦਾ ਹਾਂ”

CM ਨੇ ਕਿਹਾ ਕਿ ਕਿਸਾਨ ਪਰਿਵਾਰ ਤੋਂ ਹੋਣ ਕਾਰਨ ਉਹ ਲੋਕਾਂ ਦੇ ਦੁੱਖ-ਦਰਦ ਨੂੰ ਬਖੂਬੀ ਜਾਣਦੇ ਹਨ। “ਪੰਜਾਬ ਦਾ ਕੋਈ ਵੀ ਚੁੱਲ੍ਹਾ ਬੁਝਿਆ ਨਹੀਂ ਰਹਿਣ ਦੇਵਾਂਗੇ। ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਮੈਂ ਓਨੀ ਦੇਰ ਚੈਨ ਨਾਲ ਨਹੀਂ ਸੌਵਾਂਗਾ ਜਦ ਤੱਕ ਲੋਕਾਂ ਨੂੰ ਉਹ ਮੁਆਵਜ਼ਾ ਨਹੀਂ ਮਿਲਦਾ ਜਿਹਦਾ ਵਾਅਦਾ ਕੀਤਾ ਗਿਆ ਹੈ।

ਪੰਜਾਬੀਆਂ ਦੀ ਸਹਾਇਤਾ ਦੀ ਪ੍ਰਸ਼ੰਸਾ

ਇਸ ਮੌਕੇ CM ਮਾਨ ਨੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਖੁੱਲ੍ਹ ਕੇ ਯੋਗਦਾਨ ਪਾਇਆ। ਉਨ੍ਹਾਂ ਕਿਹਾ, “ਪੰਜਾਬੀਆਂ ਨੇ ਪੂਰੇ ਦੇਸ਼ ਨੂੰ ਦੱਸ ਦਿੱਤਾ ਹੈ ਕਿ ਆਫ਼ਤ ਨਾਲ ਪੰਜਾਬ ਨੂੰ ਨਿੱਬੜਨਾ ਆਉਂਦਾ ਹੈ।”