ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮੁੜ ਮਿਲੀ ਧਮਕੀ, ਜਾਂਚ 'ਚ ਜੁੱਟੀ ਪੁਲਸ

ਦਿੱਲੀ ਦੇ ਦਵਾਰਕਾ ਵਿੱਚ ਸਥਿਤ ਸਕੂਲ ਨੂੰ ਸ਼ੁੱਕਰਵਾਰ ਸਵੇਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ।

ਦਿੱਲੀ 'ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਨਾਲ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਦਵਾਰਕਾ ਵਿੱਚ ਸਥਿਤ ਸਕੂਲ ਨੂੰ ਸ਼ੁੱਕਰਵਾਰ ਸਵੇਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ। ਦਿੱਲੀ ਫਾਇਰ ਸਰਵਿਸ (ਡੀ.ਐਫ.ਐਸ.) ਨੂੰ ਸਵੇਰੇ 7:05 ਵਜੇ ਧਮਕੀ ਦੀ ਸੂਚਨਾ ਮਿਲੀ। ਪੁਲਸ ਟੀਮਾਂ, ਬੰਬ ਸਕੁਐਡ ਅਤੇ ਫਾਇਰ ਇੰਜਣ ਦਵਾਰਕਾ ਸੈਕਟਰ-7 ਵਿੱਚ ਸਥਿਤ ਸਕੂਲ ਦੇ ਅੰਦਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਭੇਜੀ ਗਈ ਸੀ। ਇੱਕ ਅਧਿਕਾਰੀ ਨੇ ਕਿਹਾ, "ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਜਾਂਚ ਕੀਤੀ ਜਾ ਰਹੀ ਹੈ।"

ਦੱਸ ਦਈਏ ਕਿ ਵੀਰਵਾਰ ਨੂੰ ਵੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਪ੍ਰਸਾਦ ਨਗਰ ਅਤੇ ਦਵਾਰਕਾ ਸੈਕਟਰ 5 ਸਮੇਤ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਪ੍ਰਸਾਦ ਨਗਰ ਵਿੱਚ ਆਂਧਰਾ ਐਜੂਕੇਸ਼ਨ ਸੋਸਾਇਟੀ ਸੀਨੀਅਰ ਸੈਕੰਡਰੀ ਸਕੂਲ, ਦਵਾਰਕਾ ਸੈਕਟਰ 5 ਵਿੱਚ ਬੀਜੀਐਸ ਇੰਟਰਨੈਸ਼ਨਲ ਪਬਲਿਕ ਸਕੂਲ, ਚਾਵਲਾ ਵਿੱਚ ਰਾਓ ਮਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਦਵਾਰਕਾ ਸੈਕਟਰ 1 ਵਿੱਚ ਮੈਕਸਫੋਰਟ ਸਕੂਲ ਅਤੇ ਦਵਾਰਕਾ ਸੈਕਟਰ 10 ਵਿੱਚ ਇੰਦਰਪ੍ਰਸਥ ਇੰਟਰਨੈਸ਼ਨਲ ਸਕੂਲ ਸਮੇਤ ਕੁੱਲ 6 ਸਕੂਲਾਂ ਨੂੰ ਧਮਕੀਆਂ ਮਿਲੀਆਂ।