ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

ਜਲੰਧਰ -ਪੰਜਾਬ ਦੇ ਜਲੰਧਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਕਸੂਦਾ ਨੇੜੇ ਨਾਗਰਾ 'ਚ ਮੰਗਲਵਾਰ ਦੇਰ ਰਾਤ ਧਾਰਮਿਕ ਪ੍ਰੋਗਰਾਮ ਦੌਰਾਨ ਇਕ 25 ਸਾਲਾਂ ਲੜਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਦੱਸ ਦਈਏ ਕਿ ਪ੍ਰੋਗਰਾਮ ਦੌਰਾਨ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਆਉਂਦੇ ਹੀ ਹਥਿਆਰ ਲਹਿਰਾਉਣ ਲੱਗ ਪਏ। ਜਿਸ ਤੋਂ ਬਾਅਦ ਪੀੜਤ ਵਿਅਕਤੀ ਦੇ ਪੁੱਤਰ ਰਾਹੁਲ ਨੇ ਉਨ੍ਹਾਂ ਨੂੰ ਹਥਿਆਰ ਲਹਿਰਾਉਣ ਤੋਂ ਰੋਕਿਆ। ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਲੜਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਕੁਝ ਸਮੇਂ ਬਾਅਦ ਉਕਤ ਵਿਅਕਤੀ ਮੁੜ ਆਏ ਅਤੇ ਨੌਜਵਾਨ ਰਾਹੁਲ ਅਤੇ ਉਸ ਦੇ ਦੋਸਤ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਉਰਫ਼ ਗੋਪੀ ਵਜੋਂ ਹੋਈ ਹੈ। ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਘਟਨਾ 'ਚ ਉਸ ਸਮੇਤ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ 2 ਔਰਤਾਂ ਸ਼ਾਮਲ ਹਨ। ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।